ਹੁਕਮ ਲੈਣਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹੁਕਮ ਲੈਣਾ: ਵੇਖੋ ‘ਵਾਕ ਲੈਣਾ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 903, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਹੁਕਮ ਲੈਣਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹੁਕਮ ਲੈਣਾ :  ਹੁਕਮ ਲੈਣ ਤੋਂ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਲੈਣੀ, ਸਤਿਗੁਰੂ ਦਾ ਹੁਕਮ ਸੁਣਨਾ, ਤੁਕ ਲੈਣੀ, ਤੁਕ ਸੁਣਨੀ ਜਾਂ ਗੁਰੂ ਕਾ ਵਾਕ ਲੈਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਸਮੇਂ ਸਾਡੇ ਸਨਮੁਖ ਦੋ ਪੰਨੇ ਹੁੰਦੇ ਹਨ। ਇਕ ਖਬੇ ਪਾਸੇ ਤੇ ਦੂਸਰਾ ਸੱਜੇ ਪਾਸੇ। ਅੱਧੀ ਰਾਤ 12 ਵਜੇ ਤੋਂ ਦਿਨ ਦੇ 12 ਵਜੇ ਤਕ ਖੱਬੇ ਪਾਸਿਓਂ ਜਿਹੜਾ ਵੀ ਉੱਪਰ ਪਹਿਲਾ ਸ਼ਬਦ ਹੋਵੇ ਉਹ ਹੁਕਮ ਲੈਣਾ ਚਾਹੀਦਾ ਹੈ ਅਤੇ ਜੇਕਰ ਪਹਿਲੀ ਹੀ ਤੁਕ ਵਿਚ ਕਿਸੇ ਸ਼ਬਦ ਦਾ ਸਿਰਲੇਖ ਨਹੀਂ ਹੈ ਤਾਂ ਪਿਛਲਾ ਪੰਨਾ ਪਰਤਾ ਕੇ ਜਿਹੜਾ ਆਖਰੀ ਸ਼ਬਦ ਚਲ ਰਿਹਾ ਹੈ ਉਹ ਪੜ੍ਹਿਆ ਜਾਂਦਾ ਹੈ। ਦਿਨ ਦੇ 12 ਵਜੇ ਤੋਂ ਬਾਅਦ ਰਾਤ ਦੇ 12 ਵਜੇ ਤਕ ਸੱਜੇ ਪਾਸੇ ਆਖ਼ਰੀ ਸ਼ਬਦ ਪੜ੍ਹਿਆ ਜਾਂਦਾ ਹੈ। ਆਵਾਜ਼ ਲੈਣ ਵੇਲੇ ਸ਼ਬਦ ਆਰੰਭ ਕਰ ਕੇ ਪੂਰਾ ਹੀ ਪੜ੍ਹਿਆ ਜਾਂਦਾ ਹੈ, ਵਿਚੋਂ ਨਹੀਂ ਛਡਿਆ ਜਾਂਦਾ। ਇਹ ਸ਼ਬਦ ਜੇਕਰ ਕਿਸੇ ਵਾਰ ਦਾ ਭਾਗ ਹੋਵੇ ਤਾਂ ਸਲੋਕ ਤੋਂ  ਸ਼ੁਰੂ ਕਰ ਕੇ ਪਉੜੀ ਦੇ ਅਖ਼ੀਰ ਤਕ ਪੜ੍ਹਿਆ ਜਾਂਦਾ ਹੈ। ਇਸ ਸ਼ਬਦ ਦੀ ਪਹਿਲੀ ਤੁਕ ਤੇ ਅਖ਼ੀਰਲੀ ਤੁਕ ਹਮੇਸ਼ਾ ਦੁਹਰਾਈ ਜਾਂਦੀ ਹੈ।

ਪ੍ਰਕਾਸ਼ ਕਰਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਹਿਜ ਸੁਭਾਅ ਖੋਲ੍ਹਿਆ ਜਾਂਦਾ ਹੈ ਤੇ ਹੁਕਮ ਲਿਆ ਜਾਂਦਾ ਹੈ। ਹੁਕਮ ਲੈਣ ਤੋਂ ਪਹਿਲਾਂ ਅਰਦਾਸ ਕੀਤੀ ਜਾਂਦੀ ਹੈ। ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰਨ ਸਮੇਂ ਲਈ ਜਾਂਦੀ ਆਵਾਜ਼ ਨੂੰ ਸਿੱਖ ਜਗਤ ਵਿਚ ਖ਼ਾਸ ਮਹੱਤਤਾ ਦਿੱਤੀ ਜਾਂਦੀ ਹੈ। ਜੋ ਲੋਕ ਉਸ ਸਮੇਂ ਹਾਜ਼ਰ ਨਹੀ਼ ਹੁੰਦੇ, ਉਨ੍ਹਾਂ ਦੇ ਗਿਆਤ ਲਈ  ਆਵਾਜ਼ ਦੇ ਸ਼ਬਦ ਦਾ ਪੰਨਾ ਰਾਗ ਤੇ ਮਹਲਾ ਅਤੇ ਇਸ ਦੀ ਪਹਿਲੀ ਤੁਕ, ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਨਿਸਚਿਤ ਬੋਰਡ ਉੱਤ ਲਿਖ ਦਿਤੇ ਜਾਂਦੇ ਹਨ। ਇਹ ਰੀਤ ਸਾਰੇ ਇਤਿਹਾਸਕ ਅਤੇ ਮੁੱਖ ਗੁਰਦੁਆਰਿਆਂ ਵਿਚ ਪ੍ਰਚਲਿਤ ਹੋ ਗਈ ਹੈ।

ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਜੁੜੀ ਸੰਗਤ ਦੇ ਪ੍ਰੋਗਰਾਮ ਦੀ ਅਖ਼ੀਰਲੀ ਮੱਦ ਹਮੇਸ਼ਾ ਹੁਕਮ ਲੈਣਾ ਹੀ ਹੁੰਦਾ ਹੈ। ਪ੍ਰੋਗਰਾਮ ਦੇ ਅਖ਼ੀਰ ਵਿਚ ਸਾਰੀ ਸੰਗਤ ਅਰਦਾਸ ਕਰਨ ਉਪਰੰਤ ਜਦੋਂ ਅਦਬ ਨਾਲ ਬੈਠ ਜਾਂਦੀ ਹੈ ਤਾਂ ਉਸ ਵਕਤ ਹੁਕਮ ਲੈਣ ਵਾਲਾ (ਇਹ ਪੁਰਖ ਜਾਂ ਤੀਵੀਂ ਕੋਈ ਵੀ ਹੋ ਸਕਦਾ ਹੈ) ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਹੌਲੀ ਹੌਲੀ ਅਦਬ ਨਾਲ ਗੁਰੂ ਗ੍ਰੰਥ ਸਾਹਿਬ ਤੋਂ ਰੁਮਾਲਾ ਹਟਾਉਂਦਾ ਹੈ। ਇਸ ਦੇ ਨਾਲ ਹੀ ਗੁਰੂ ਦੇ ਦਰਸ਼ਨਾਂ ਦੀ ਯਾਚਨਾ ਜਾਂ ਬੇਨਤੀ ਦੀਆਂ ਕੁਝ ਤੁਕਾਂ ਜਾਂ  ਸਲੋਕ ਪੜ੍ਹੇ ਜਾਂਦੇ ਹਨ। ਇਸ ਤੋਂ ਪਿੱਛੋੁਂ ਸਾਰੀ ਸੰਗਤ ਇਕਦਮ ਚੁਪ ਹੋ ਜਾਂਦੀ ਹੈ ਤੇ ਆਵਾਜ਼ ਲੈਣ ਵਾਲਾ ਉੱਪਰ ਦਸੀ ਵਿਧੀ ਅਨੁਸਾਰ ਸਾਹਮਣੇ ਆਏ ਸ਼ਬਦ ਦਾ ਪਹਿਲਾ ਭਾਗ ਤੇ ਮਹਲਾ ਉੱਚੀ ਆਵਾਜ਼ ਨਾਲ ਸੁਣਾਉਂਦਾ ਹੈ। ਮਹਲੇ ਦਾ ਅੰਕ, ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਜਾਂ ਨੌਵਾਂ ਕਹਿ ਕੇ ਸੁਣਾਉਂਦਾ ਹੈ। (ਮਹਲਾ ਇਕ, ਦੋ, ਤਿੰਨ, ਚਾਰ, ਪੰਜ ਜਾਂ ਨੌ ਕਹਿ ਕੇ ਨਹੀਂ ਬੋਲਿਆ ਜਾਂਦਾ) ਫਿਰ ਸਾਰਾ ਸਬਦ ਉੱਚੀ ਆਵਾਜ਼ ਵਿਚ ਸੁਰ ਨਾਲ ਐਸੇ ਠਹਿਰਾਓ ਨਾਲ ਪੜ੍ਹਿਆ ਜਾਂਦਾ ਹੈ ਕਿ ਸਾਰੀ ਸੰਗਤ ਇਸ ਦੇ ਇਕ ਇਕ ਲਫ਼ਜ਼ ਨੂੰ ਧਿਆਨ ਨਾਲ ਸੁਣ ਸਕੇ। ਹੁਕਮ ਦੇ ਸ਼ਬਦ ਦੀ ਜਦ ਅਖ਼ੀਰਲੀ ਤੁਕ ਦੁਹਰਾਈ ਜਾਂਦੀ ਹੈ ਤਾਂ ਸਾਰੀ ਸੰਗਤ ਵੀ ਉਸ  ਦੀ ਆਵਾਜ਼ ਵਿਚ ਆਵਾਜ਼ ਮਿਲਾ ਕੇ ਇਸ ਨੂੰ ਦੁਹਰਾਉਂਦੀ ਹੋਈ, ਅਦਬ ਨਾਲ ਹੱਥ ਜੋੜ ਕੇ ਸਿਰ ਝੁਕਾਉਂਦੀ ਹੈ। ਇਸ ਤਰ੍ਹਾਂ ਗੁਰੂ ਦੇ ਹੁਕਮ ਨੂੰ ਸਵੀਕਾਰ ਕੀਤਾ ਜਾਂਦਾ ਹੈ।

          ਰੋਜ਼ਾਨਾ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਸਮੇਂ ਜਾਂ ਭੋਗ ਪੈਣ ਉਪਰੰਤ ਹੁਕਮ ਲੈਣ ਦਾ ਭਾਵ ਇਹ ਹੈ ਕਿ ਉਸ ਦਿਨ ਦੀ ਸਾਰੀ ਘਰੇਲੂ, ਦੁਨਿਆਵੀ ਤੇ ਹੋਰ ਹਰ ਪ੍ਰਕਾਰ ਦੀ ਕਾਰਵਾਈ ਕਰਦਿਆਂ ਹੋਇਆਂ, ਇਸ ਸ਼ਬਦ ਦੇ  ਮੂਲ ਮੰਤਵ ਨੂੰ ਚੇਤੇ ਰੱਖਿਆ ਜਾਵੇ ਤੇ ਇਸ ਅਨੁਸਾਰ ਦਿਨ ਦੀ ਕਾਰਵਾਈ ਕੀਤੀ ਜਾਵੇ। ਇਸੇ ਲਈ ਇਸ ਨੂੰ ਗੁਰੂ ਦਾ ਹੁਕਮ ਜਾਂ ਗੁਰੂ ਦਾ ਵਾਕ (ਗੁਰਵਾਕ) ਕਿਹਾ ਜਾਂਦਾ ਹੈ। ਭੋਗ ਉਪਰੰਤ ਸਭ ਤੋਂ ਅਖ਼ੀਰਲੀ ਮੱਦ ਆਵਜ਼ ਹੋਣ ਦਾ ਭਾਵ, ਕਿਸੇ ਕਾਰਵਾਈ ਉਪਰੰਤ ਪ੍ਰਧਾਨਗੀ ਭਾਸ਼ਣ ਵਾਂਗ, ਪ੍ਰਧਾਨ (ਗੁਰੂ) ਦਾ ਆਦੇਸ਼ ਹੈ। ਇਸੇ ਲਈ ਇਸ ਤੋਂ ਪਿੱਛੇ ਹੋਰ ਕੋਈ ਕਾਰਵਾਈ ਨਹੀਂ ਹੁੰਦੀ, ਕੇਵਲ ਪ੍ਰਸ਼ਾਦ ਹੀ ਵਰਤਾਇਆ ਜਾਂਦਾ ਹੈ। 

  ਹਰ ਪ੍ਰਕਾਰ ਦੀਆਂ ਸਿੱਖ ਰਸਮਾਂ, ਭਾਵੇਂ ਉਹ ਬੱਚੇ ਦੇ ਜਨਮ, ਕੁੜਮਾਈ, ਵਿਆਹ ਜਾਂ ਸਫ਼ਲਤਾ ਆਦਿ ਕਿਸੇ ਪ੍ਰਕਾਰ ਦੀ ਖੁਸ਼ੀ ਨਾਲ ਸਬੰਧਤ ਹੋੁਣ ਜਾਂ ਕਿਸੇ ਸੋਗ ਨਾਲ ਸਬੰਧਤ ਹੋਣ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਜੁੜੀ ਸੰਗਤ ਵਿਚ ਕੀਤੀਆਂ ਜਾਂਦੀਆਂ ਹਨ। ਇਸ ਲਈ ਇਹ ਰਸਮਾਂ ਵੀ ਗੁਰੂ ਗ੍ਰੰਥ ਸਾਹਿਬ ਵਿਚੋਂ ਉੱਪਰ ਦਸੀ ਵਿਧੀ ਨਾਲ ਲਏ ਗਏ ਹੁਕਮ ਜਾਂ ਆਵਜ਼ ਨਾਲ ਹੀ ਸੰਪੰਨ ਹੁੰਦੀਆਂ ਹਨ।

       ਕਿਸੇ ਬੱਚੇ ਦਾ ਜਦੋਂ ਨਾਂ ਰੱਖਣਾ ਹੋਵੇ ਤਾਂ ਵੀ ਸੰਗਤ ਵਿਚ, ਇਸ ਉਦੇਸ਼ ਨਾਲ ਅਰਦਾਸ ਕਰਨ ਉਪਰੰਤ ਆਵਾਜ਼ ਲਈ ਜਾਂਦੀ ਹੈ ਅਤੇ ਇਸ ਸ਼ਬਦ ਦੀ ਪਹਿਲੀ ਤੁਕ ਦੇ ਪਹਿਲੇ ਅੱਖਰ ਨਾਲ ਸ਼ੁਰੂ ਹੋਣ ਵਾਲਾ ਨਾਂ ਰਖਿਆ ਜਾਂਦਾ ਹੈ।

       ਕਿਸੇ ਨਿੱਜੀ, ਪਰਿਵਾਰਕ, ਸਮਾਜੀ ਜਾਂ ਪੰਥਕ ਸੰਕਟ ਆ ਪੈਣ ਤੇ ਜਾਂ ਕਿਸੇ ਪ੍ਰਕਾਰ ਦੀ ਦੁਬਿਧਾ ਜਾਂ ਦੁਚਿਤੀ ਹੋਣ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਰਦਾਸ ਕਰ ਕੇ ਹੁਕਮ ਲਿਆ ਜਾਂਦਾ ਹੈ ਤੇ ਇਸ ਹੁਕਮ ਨੂੰ ਗੁਰੂ ਵੱਲੋਂ ਦਿੱਤੇ ਫ਼ੈਸਲੇ ਵਾਂਗ ਪ੍ਰਵਾਨ ਕਰਦੇ ਹੋਏ ਇਸ ਉੱਤੇ ਅਮਲ ਕੀਤਾ ਜਾਂਦਾ ਹੈ ਅਤੇ ਸਮਝਿਆ ਜਾਂਦਾ ਹੈ ਕਿ ਇਹ ਗੁਰੂ ਹੁਕਮ ਹੈ, ਆਗਿਆ ਹੈ ਅਤੇ ਇਸੇ ਨੂੰ ਸਿਰ ਮੱਥੇ ਧਰਨਾ ਹੈ।           


ਲੇਖਕ : –ਸਤਿੰਦਰ ਸਿੰਘ ਭਾਟੀਆ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 629, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-10-46-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.